https://www.kirrt.org/notes/awaazan-2 ਮੇਰੀ ਆਵਾਜ਼ ਹੀ ਪਹਿਚਾਨ ਹੈ… ! 2020-04-07 14:17:37 ਅਮਰਜੀਤ ਚੰਦਨ ਨੇ ਫੈਲਸੂਫੀਆਂ ਲਿਖਣ ਲੱਗਿਆਂ ਸ਼ਾਇਦ ਸ਼ਰਾਰਤਵੱਸ ਹੀ ‘ਲੱਲਾ’ ਪੁੱਠਾ ਪਾ ਦਿੱਤਾ ਸੀ। ਇਹ ਇਲਮ ਤਾਂ ਬਾਅਦ ਵਿਚ ਹੋਇਆ ਕਿ ਇਸ ਸ਼ਬਦ ਅੰਦਰ ਸਿੱਧਾ ਤਾਂ ‘ਲੱਲਾ’ ਹੀ ਹੈ; ਬਾਕੀ ਅੱਖਰ ਪੁੱਠੇ ਹਨ। ਸਿੱਧ-ਪੁੱਠ ਦਾ ਮਸਲਾ ਵੀ ਬੜਾ ਪੇਚੀਦਾ ਹੈ। ਉਨ੍ਹਾਂ ਸਿੱਧ-ਪੱਧਰਾ ਨਹੀਂ ਜਿੰਨਾ ਨਜ਼ਰ ਆਉਂਦਾ ਹੈ। ਚੰਦਨ ਨੇ ਜਦੋਂ ਇਸ ਸਿੱਧ-ਪੁੱਠ ਦੀ ਕਥਾ ਇਕ ਹੋਰ ਫੈਲਸੂਫ ਸੋਹਨ ਕਾਦਰੀ ਅੱਗੇ ਪਾਈ ਤਾਂ ਉਸ ਨੇ ਅੱਗੋਂ ਚੀਨੀ ਫ਼ਕੀਰ ਖਵਾਂਤਸੂ ਦਾ ਜ਼ਿਕਰ ਕਰਦਿਆਂ ਬਾਤ ਦਾ ‘ਆਲੂ ਪਲੱਸ’ ਬਣਾ ਦਿੱਤਾ। Jasdeep Singh Blog post Notes Amarjit Chandan Awaazan Gurvinder John berger

ਮੇਰੀ ਆਵਾਜ਼ ਹੀ ਪਹਿਚਾਨ ਹੈ… !

ਫਿਲਮਸਾਜ਼ ਗੁਰਵਿੰਦਰ ਸਿੰਘ ਵੱਲੋਂ ਬਣਾਈ ਗਈ ਫਿਲਮ ‘ਆਵਾਜ਼ਾਂ’ ਦੇ ਦ੍ਰਿਸ਼ ਵਿਚ ਅਮਰਜੀਤ ਚੰਦਨ।

ਯਾਦਵਿੰਦਰ ਸਿੰਘ • 23 ਜੂਨ 2019 • ਪੰਜਾਬੀ ਟ੍ਰਿਬਿਊਨ

ਅਮਰਜੀਤ ਚੰਦਨ ਨੇ ਫੈਲਸੂਫੀਆਂ ਲਿਖਣ ਲੱਗਿਆਂ ਸ਼ਾਇਦ ਸ਼ਰਾਰਤਵੱਸ ਹੀ ‘ਲੱਲਾ’ ਪੁੱਠਾ ਪਾ ਦਿੱਤਾ ਸੀ। ਇਹ ਇਲਮ ਤਾਂ ਬਾਅਦ ਵਿਚ ਹੋਇਆ ਕਿ ਇਸ ਸ਼ਬਦ ਅੰਦਰ ਸਿੱਧਾ ਤਾਂ ‘ਲੱਲਾ’ ਹੀ ਹੈ; ਬਾਕੀ ਅੱਖਰ ਪੁੱਠੇ ਹਨ। ਸਿੱਧ-ਪੁੱਠ ਦਾ ਮਸਲਾ ਵੀ ਬੜਾ ਪੇਚੀਦਾ ਹੈ। ਉਨ੍ਹਾਂ ਸਿੱਧ-ਪੱਧਰਾ ਨਹੀਂ ਜਿੰਨਾ ਨਜ਼ਰ ਆਉਂਦਾ ਹੈ। ਚੰਦਨ ਨੇ ਜਦੋਂ ਇਸ ਸਿੱਧ-ਪੁੱਠ ਦੀ ਕਥਾ ਇਕ ਹੋਰ ਫੈਲਸੂਫ ਸੋਹਨ ਕਾਦਰੀ ਅੱਗੇ ਪਾਈ ਤਾਂ ਉਸ ਨੇ ਅੱਗੋਂ ਚੀਨੀ ਫ਼ਕੀਰ ਖਵਾਂਤਸੂ ਦਾ ਜ਼ਿਕਰ ਕਰਦਿਆਂ ਬਾਤ ਦਾ ‘ਆਲੂ ਪਲੱਸ’ ਬਣਾ ਦਿੱਤਾ। ਖਵਾਂਤਸੂ ਕਹਿੰਦਾ ਰਾਤ ਮੈਂ ਸੁਫ਼ਨੇ ਅੰਦਰ ਤਿਤਲੀ ਬਣਿਆ ਫੁੱਲਾਂ ਦੁਆਲੇ ਮੰਡਰਾ ਰਿਹਾ ਸੀ। ਇਸ ਗੱਲ ਤੋਂ ਬੇਖ਼ਬਰ ਕਿ ਮੈਂ ਖਵਾਂਤਸੂ ਨਾਂ ਦਾ ਬੰਦਾ। ਹੁਣ ਜਾਗਿਆਂ ਤਾਂ ਸੋਚ ਰਿਹਾਂ ਕਿ ਕੱਲ ਰਾਤ ਜੋ ਮੈਂ ਦੇਖਿਆ ਉਹ ਸੁਫ਼ਨਾ ਸੀ, ਜਾਂ ਤੁਹਾਡੇ ਸਾਹਮਣੇ ਬੈਠਾ ਇਹ ਖਵਾਂਤਸੂ ਕਿਸੇ ਤਿਤਲੀ ਦਾ ਸੁਫ਼ਨਾ ਹੈ? ‘ਲੱਲਾ’ ਫੇਰ ਪੁੱਠਾ ਹੋ ਗਿਆ।

ਅਮਰਜੀਤ ਚੰਦਨ ਦੀ ਨਸਰ ਵਿਚੋਂ ਤੁਰਿਆ ਇਹ ਪੁੱਠਾ ‘ਲੱਲਾ’ ਗੁਰਵਿੰਦਰ ਸਿੰਘ ਦੀ ਫਿਲਮਸਾਜ਼ੀ ਤਕ ਵੀ ਆ ਬਹੁੜਿਆ। ਅੰਤਰ ਏਨਾ ਕੁ ਵਾਪਰਿਆ ਕਿ ਕਲਮ ਦੀ ਥਾਂ ਕੈਮਰੇ ਨੇ ਲੈ ਲਈ। ਕੈਮਰਾ ਵੀ ਅਜੀਬ ਸ਼ੈਅ ਹੈ। ਇਸ ਦੀ ਆਪਣੀ ਜਾਦੂਗਰੀ ਹੈ। ਇਹ ਬੀਤ ਰਹੇ ਸਮੇਂ ਨੂੰ ਚੋਰੀ ਕਰ ਕੇ ਸਹੇਜ ਲੈਂਦਾ ਹੈ। ਕਾਲ ਦੀ ਗਤੀ ਵਿਚ ਨਿੱਤ ਪਲ ਗੁਜ਼ਰ ਰਿਹਾ ਮਨੁੱਖ ਆਪਣੇ ਬੀਤੇ ਨੂੰ ਮੁੜ-ਮੁੜ ਜਿਊਣਾ ਚਾਹੁੰਦਾ ਹੈ। ਕੈਮਰਾ ਇਸ ਬੀਤ ਰਹੇ ਮਨੁੱਖ ਦੇ ਗੁਆਚੇ ਛਿਣਾਂ ਦਾ ਝਾਉਲਾ ਹੈ। ਵਰ੍ਹਿਆਂ ਬਾਅਦ ਪਰਦੇਸੀ ਜਦੋਂ ਘਰ ਮੁੜਦਾ ਹੈ ਤਾਂ ਉਹ ਸਿਰਫ਼ ਦੇਸ ਹੀ ਨਹੀਂ ਪਰਤ ਰਿਹਾ ਹੁੰਦਾ, ਉਹ ਬੀਤ ਚੁੱਕੇ ਸਮੇਂ ਅੰਦਰ ਵੀ ਮੁੜਨਾ ਲੋਚਦਾ ਹੈ। ਕੈਮਰਾ ਉਸ ਦੀ ਸੰਭਾਵਨਾ ਹੈ; ਬੀਤੇ ਸਮੇਂ ਦੀ ਸੈਰ ਕਰਵਾਉਣ ਵਾਲਾ ਯੰਤਰ। ਗੁਰਵਿੰਦਰ ਸਿੰਘ ਨੇ ਅਮਰਜੀਤ ਚੰਦਨ ਦੀ ਪੰਜਾਬ ਫੇਰੀ ਨੂੰ ਆਪਣੇ ਕੈਮਰੇ ਵਿਚ ਸਹੇਜ ਲਿਆ ਅਤੇ ਇਸ ਨੂੰ ਫਿਲਮ ‘ਆਵਾਜ਼ਾਂ’ ਦਾ ਰੂਪ ਦੇ ਦਿੱਤਾ। ਇਹ ਫਿਲਮ ਚੰਦਨ ਦੇ ਅਤੀਤ ਵੱਲ ਕੀਤੇ ਸਫ਼ਰ ਦੀ ਸਾਖੀ ਹੈ। ਇਸ ਨੂੰ ਦੇਖਣਾ ਬਲੈਕ ਹੋਲ ਵਾਂਗ ਦੂਰ ਰਹਿ ਗਏ ਦੇਸ-ਕਾਲ ਅੰਦਰ ਪਰਤਣ ਜਿਹਾ ਅਨੁਭਵ ਹੈ।

ਅਮਰਜੀਤ ਚੰਦਨ ਦੀ ਇਹ ਯਾਤਰਾ ਪੰਜਾਬ ਦੇ ਅੱਜ ਵਿਚੋਂ ਇਸ ਦੇ ਗੁਆਚੇ ਸੁਫ਼ਨਿਆਂ ਦੀ ਸ਼ਨਾਖ਼ਤ ਵੱਲ ਦਾ ਸਫ਼ਰ ਹੈ। ਇਸ ਅਧੂਰੇ ਸੁਫ਼ਨੇ ਦੀ ਇਬਾਰਤ ਪ੍ਰੀਤਨਗਰ ਦੇ ਖੰਡਰਾਂ ਉਤੇ ਉੱਕਰੀ ਹੈ। ਗ਼ਦਰੀ ਬਾਬੇ, ਭਗਤ ਸਿੰਘ ਤੇ ਪਾਸ਼ ਇਸ ਸਫ਼ਰ ਦੇ ਪਾਂਧੀ ਹਨ, ਚੰਦਨ ਦੇ ਵੱਡ-ਵਡੇਰੇ ਧਰੇਜਾ ਤੇ ਗੁਣੀ ਰਾਮ ਵੀ। ਚੰਦਨ ਵਰਤਮਾਨ ਪੰਜਾਬ ਅੰਦਰ ਵਿਚਰ ਰਿਹਾ ਹੈ ਅਤੇ ਬੀਤਿਆ ਪੰਜਾਬ ਚੰਦਨ ਅੰਦਰ। ਰੁੱਖ, ਕਾਗਜ਼, ਪੰਛੀ ਤੇ ਕਵਿਤਾ ਦ੍ਰਿਸ਼ ਅੰਦਰ ਇੱਕ-ਮਿੱਕ ਹੋ ਗਏ ਹਨ। ਕੈਮਰੇ ਨੇ ਮਿੱਟੀ-ਘੱਟਾ, ਪਾਣੀ ਤੇ ਪਦਾਰਥਕ ਕਿਹਾ ਜਾਣ ਵਾਲਾ ਸੰਸਾਰ ਵੀ ਇਸ ਸਫ਼ਰ ਵਿਚ ਜੋੜ ਦਿੱਤਾ ਹੈ।

ਚੰਦਨ ਦੀ ਇਸ ਯਾਤਰਾ ਦਾ ਮਾਰਗ ਕਵਿਤਾ ਥਾਣੀਂ ਹੋ ਕੇ ਲੰਘਦਾ ਹੈ। ਕਵਿਤਾ ਦਾ ਭਰਿਆ ਸੰਦੂਕ ਦ੍ਰਿਸ਼ ਨੂੰ ਆਵਾਜ਼ ਨਾਲ ਜੋੜਦਾ ਹੈ। ਇਹ ਸਾਂਝ ਸਿਨਮਾ ਨੂੰ ਕਵਿਤਾ ਦੇ ਨੇੜੇ ਲੈ ਆਉਂਦੀ ਹੈ। ਇਹ ਸਾਂਝ ਵਿਆਕਰਨ ਦੇ ਨੇਮਾਂ ਤੋਂ ਬਾਹਰ ਜਾ ਕੇ ਆਪਣੀ ਗੱਲ ਕਹਿਣ ਵਿਚ ਵੀ ਪਈ ਹੈ। ਕਵਿਤਾ ਤੇ ਸਿਨਮਾ ਦੋਵੇਂ ਭਾਸ਼ਾ ਦੇ ਨੇਮ-ਪ੍ਰਬੰਧ ਨਾਲ ਟਕਰਾਉਂਦੇ ਹਨ। ਦੋਵੇਂ ਸਾਰਾ ਕੁਝ ਸਪਸ਼ਟ ਨਹੀਂ ਕਰਦੇ; ਥੋੜ੍ਹਾ ਓਹਲਾ ਰੱਖਦੇ ਹਨ। ਫਿਲਮ ‘ਆਵਾਜ਼ਾਂ’ ਕੈਮਰੇ ਤੇ ਕਵਿਤਾ ਦੀ ਸਾਂਝੀ ਬੋਲੀ ਘੜਦੀ ਹੈ। ਇਸ ਫਿਲਮ ਵਿਚੋਂ ਵਿਚਰਨਾ ਬੋਲੇ ਜਾ ਰਹੇ ਸ਼ਬਦਾਂ ਨੂੰ ਸਿਰਫ਼ ਸੁਣਨਾ ਹੈ; ਬਿਨਾਂ ਇਹ ਜਾਣਿਆਂ ਕਿ ਇਨ੍ਹਾਂ ਦਾ ਮਤਲਬ ਕੀ ਹੈ।

ਇਸ ਫਿਲਮ ਨੂੰ ਦੇਖਦਿਆਂ ਸੰਸਾਰ ਅਤੇ ਸਮੇਂ ਬਾਰੇ ਸਾਡਾ ਕਿਆਸਿਆ ਅਨੁਭਵ ਕਾਟੇ ਹੇਠ ਆ ਜਾਂਦਾ ਹੈ। ਇਹ ਸੰਸਾਰ ਜਿਸ ਅੰਦਰ ਅਸੀਂ ਰਹਿ ਰਹੇ ਹਾਂ, ਉਹ ਸਾਥੋਂ ਟੁੱਟਿਆ ਹੋਇਆ ਬਾਹਰੀ ਜਗਤ ਹੀ ਨਹੀ, ਜਿਵੇਂ ਅਸੀਂ ਇਸ ਬਾਰੇ ਸੋਚਦੇ ਹਾਂ। ਸਾਡਾ ਸੰਸਾਰ ਸਾਡੀ ਹੋਂਦ ਅਤੇ ਸਾਡੇ ਅਤੀਤ ਦੀਆਂ ਯਾਦਾਂ ਵਿਚਲੀ ਕਸ਼ਮਕਸ਼ ਨਾਲ ਵੀ ਸਿਰਜਿਆ ਜਾ ਰਿਹਾ ਹੈ। ਇਕ ਪਾਸੇ ਜੀਵਿਆ ਜਾ ਰਿਹਾ ਸਮਾਂ ਹੈ; ਦੂਜੇ ਪਾਸੇ ਬੀਤੇ ਦੀਆਂ ਸਿਮਰਤੀਆਂ ਦਾ ਖੌਰੂ। ਇਨ੍ਹਾਂ ਦੋਵਾਂ ਵਿਚ ਅਸੀਂ ਲੀਕ ਵਾਹ ਦਿੱਤੀ ਹੈ ਜਿਸ ਨੂੰ ਅਸੀਂ ਸਮਾਂ ਕਹਿ ਦਿੰਦੇ ਹਾਂ। ਸਮੇਂ ਨੂੰ ਅਸੀਂ ਇਕ ਬਿੰਦੂ ਤੋਂ ਦੂਜੇ ਬਿੰਦੂ ਤਕ ਨਿਰੰਤਰ ਫੈਲ ਰਿਹਾ ਤਸੱਵਰ ਕਰਦੇ ਹਾਂ। ਸਾਡਾ ਇਹ ਮੰਨਣਾ ਹੈ ਕਿ ਕਿਸੇ ਘਟਨਾ ਦੇ ਵਾਪਰਨ ਵਿਚਲਾ ਵਕਫ਼ਾ ਹੀ ਸਮਾਂ ਹੈ। ਘੜੀ ਦੀਆਂ ਸੂਈਆਂ ਇਕ ਹਿੰਦਸੇ ਤੋਂ ਦੂਜੇ ਹਿੰਦਸੇ ਵੱਲ ਵਧਦੀਆਂ ਸਮੇਂ ਦੇ ਬੀਤ ਜਾਣ ਦਾ ਆਭਾਸ ਕਰਵਾਉਂਦੀਆਂ ਹਨ। ਫਿਲਮ ‘ਆਵਾਜ਼ਾਂ’ ਸੰਸਾਰ ਤੇ ਸਮੇਂ ਬਾਰੇ ਸਾਡੀਆਂ ਧਾਰਨਾਵਾਂ ਨੂੰ ਬਦਲ ਦਿੰਦੀ ਹੈ।

ਗੁਰਵਿੰਦਰ ਦੇ ਕੈਮਰੇ ਦੀ ਅੱਖ ਥਾਣੀਂ ਲੰਘਿਆ ਸਮਾਂ ਇਕ ਬਿੰਦੂ ਤੋਂ ਦੂਜੇ ਵੱਲ ਨੂੰ ਵਧ ਰਿਹਾ ਲਕੀਰੀ ਸਮਾਂ ਨਹੀਂ ਰਹਿੰਦਾ। ਇਸ ਫਿਲਮ ਵਿਚ ਕੈਮਰਾ ਕਿਸੇ ਸਥਿਰ ਪੜਾਅ ਤੋਂ ਦ੍ਰਿਸ਼ ਨੂੰ ਨਹੀਂ ਫੜਦਾ। ਚੜ੍ਹਦੇ-ਛਿਪਦੇ ਦਿਨ, ਬਦਲਦੀਆਂ ਰੁੱਤਾਂ ਤੇ ਨਿੱਤ ਪਲ ਤਬਦੀਲ ਹੋ ਰਹੇ ਚੌਗਿਰਦੇ ਵਿਚਲੀ ਗਤੀ ਨੂੰ ਕੈਮਰਾ ਵੀ ਗਤੀਸ਼ੀਲ ਹੋ ਕੇ ਵਾਚਦਾ ਹੈ। ਜਦੋਂ ਕੈਮਰਾ ਤੇ ਇਸ ਰਾਹੀਂ ਫਿਲਮਾਇਆ ਜਾਣ ਵਾਲਾ ਦ੍ਰਿਸ਼ ਦੋਵੇਂ ਬਦਲਦੇ ਹਨ ਤਾਂ ਸਮਾਂ ਲਕੀਰੀ ਨਹੀਂ ਰਹਿੰਦਾ; ਇਹ ਕੈਮਰੇ ਦਾ ਘੜਿਆ ਸਮਾਂ ਹੋ ਨਿੱਬੜਦਾ ਹੈ।

SHARE THIS STORY

Share on facebook
Share on twitter
Share on whatsapp
Share on tumblr
Share on print
Share on email

Find us on