ਕਿਰਤ ਇੱਕ ਆਨਲਾਈਨ ਗੈਲਰੀ ਹੈ ਜਿਸਦਾ ਮਕਸਦ ਪੰਜਾਬ ਦੇ ਕਲਾਕਾਰਾਂ ਅਤੇ ਕਿਰਤੀਆਂ ਦੇ ਕੰਮਾਂ ਨੂੰ ਅੱਗੇ ਲਿਆਉਣਾ ਹੈ। ਕਿਰਤ ਇੱਕ ਪੰਜਾਬੀ ਸ਼ਬਦ ਹੈ ਜਿਸਦਾ ਮੂਲ ਸੰਸਕ੍ਰਿਤ ਸ਼ਬਦ ਕ੍ਰਿਤ (कृत) ਹੈ। ਇਸਦਾ ਮਤਲਬ ਬਣਾਉਣਾ ਜਾਂ ਸਿਰਜਣਾ ਹੈ। ਪੰਜਾਬੀ ਵਿੱਚ ਇਸਦੇ ਅਜਿਹੇ ਅਰਥ ਹੀ ਹਨ ਪਰ ਇਸਦੇ ਨਾਲ ਹੀ ਇਹ ਸ਼ਬਦ ਮਿਹਨਤ ਅਤੇ ਮਜ਼ਦੂਰੀ ਦੇ ਅਰਥ ਵੀ ਦਿੰਦਾ ਹੈ। ਗੁਰੂ ਨਾਨਕ ਦੀਆਂ ਸਿੱਖਿਆਵਾਂ ਵਿੱਚ ਇੱਕ ਗੁਰਮੁਖ ਲਈ ਹੱਥੀਂ ਕਿਰਤ ਕਰਨ ਨੂੰ ਆਦਰਯੋਗ, ਪਵਿੱਤਰ ਅਤੇ ਲਾਜ਼ਮੀ ਮੰਨਿਆ ਗਿਆ ਹੈ। ਇਸਦੇ ਨਾਲ ਹੀ, ਨਾਮ ਜਪੋ, ਕਿਰਤ ਕਰੋ, ਵੰਡ ਛਕੋ ਸਿਰਫ਼ ਸਿੱਖੀ ਵਿੱਚ ਵੀ ਨਹੀਂ ਸਗੋਂ ਬਹੁ-ਪਸਾਰੀ ਪੰਜਾਬੀ ਭਾਈਚਾਰੇ ਦੇ ਮੂਲ ਸਿਧਾਂਤਾਂ ਵਿੱਚੋਂ ਇੱਕ ਹੈ।

ਜਨਵਰੀ 2018 ਵਿੱਚ ਸਾਨੂੰ ਅਮਰਜੀਤ ਚੰਦਨ ਨੂੰ ਮਿਲਣ ਦਾ ਮਾਣ ਮਿਲਿਆ ਅਤੇ ਉਹਨਾਂ ਨੂੰ ਵੱਖ-ਵੱਖ ਥਾਵਾਂ ਉੱਤੇ ਆਪਣੀਆਂ ਕਵਿਤਾਵਾਂ ਸੁਣਾਉਂਦੇ ਹੋਏ ਸੁਣਿਆ। ਹਰ ਵਾਰੀ ਉਹ ਆਪਣੀ ਕਵਿਤਾ ‘ਪੋਥੀ’ ਪੜ੍ਹਦੇ ਅਤੇ ਇਸ ਗੱਲ ਦਾ ਖ਼ਦਸ਼ਾ ਜ਼ਾਹਰ ਕਰਦੇ ਕਿ ਪੰਜਾਬੀ ਸਾਹਿਤ ਅਤੇ ਕਲਾ ਵਿੱਚ ਕਿਰਤੀ ਅਤੇ ਕਿਰਤ ਦੀ ਮਹਿਮਾ ਨਹੀਂ ਗਾਈ ਗਈ। ਇਸ ਗੱਲ ਤੋਂ ਪ੍ਰੇਰਣਾ ਲੈਂਦੇ ਹੋਏ ਗੁਰਦੀਪ ਸਿੰਘ ਧਾਲੀਵਾਲ (ਲੇਖਕ, ਫ਼ੋਟੋਗਰਾਫ਼ਰ) ਅਤੇ ਨਵਜੀਤ ਕੌਰ (ਡਿਜ਼ਾਈਨਰ) ਨੇ ਕਿਰਤ ਪ੍ਰੋਜੈਕਟ ਸ਼ੁਰੂ ਕੀਤਾ। ਬਾਅਦ ਵਿੱਚ ਜਸਦੀਪ ਸਿੰਘ (ਅਨੁਵਾਦਕ, ਸੰਪਾਦਕ) ਅਤੇ ਸੱਤਦੀਪ ਗਿੱਲ (ਲੇਖਕ, ਫ਼ੋਟੋਗਰਾਫ਼ਰ) ਵੀ ਇਸ ਪ੍ਰੋਜੈਕਟ ਨਾਲ ਜੁੜੇ। ਕਿਰਤ ਦਾ ਲੋਗੋ ਮਸ਼ਹੂਰ ਫ਼ਿਲਮਸਾਜ਼ ਗੁਰਵਿੰਦਰ ਸਿੰਘ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਅਸੀਂ ਕਿਰਤੀਆਂ ਅਤੇ ਉਹਨਾਂ ਦੀਆਂ ਕਿਰਤਾਂ ਦੀਆਂ ਕਹਾਣੀਆਂ ਇਕੱਠੀਆਂ ਕਰਦੇ ਹਾਂ।

ਸਾਡੀ ਟੀਮ

ਨਵਜੀਤ ਕੌਰ

ਡਿਜ਼ਾਈਨਰ

ਮੈਂ ਇੱਕ ਪੇਂਟਰ, ਪੁਸ਼ਾਕ ਅਤੇ ਕਿਤਾਬ ਡਿਜ਼ਾਈਨਰ ਹਾਂ। ਮੇਰੀ ਕਲਾਤਮਕ ਸੰਵੇਦਨਸ਼ੀਲਤਾ ਵੱਖ-ਵੱਖ ਤਰ੍ਹਾਂ ਦੀ ਮੁਹਾਰਤ ਰੱਖਣ ਵਾਲੇ ਅਤੇ ਵੱਖ-ਵੱਖ ਕਲਾ ਰੂਪਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਤੋਂ ਪ੍ਰਭਾਵਿਤ ਹੈ ਜਿਵੇਂ ਕਿ ਲੱਕੜ ਤੋਂ ਸਮਾਨ ਬਣਾਉਣ, ਦੇਸੀ ਖੇਤੀ, ਰਾਜਗਿਰੀ, ਕਢਾਈ, ਚਿੱਤਰਕਾਰੀ, ਖੇਤੀ ਨਾਲ ਸੰਬੰਧਿਤ ਸੰਦ ਬਣਾਉਣਾ ਅਤੇ ਕੁੰਭਕਾਰੀ ਆਦਿ। ਇਹਨਾਂ ਕਲਾਕਾਰਾਂ ਅਤੇ ਸ਼ਿਲਪਕਾਰਾਂ ਨੂੰ ਸਮੇਂ ਅਤੇ ਤਕਨੀਕ ਦੇ ਮੁਤਬਕ ਢਲਦੇ ਦੇਖਣਾ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਕਿਰਤ ਦੇ ਨਾਲ ਇਸ ਮਸ਼ੀਨੀ ਪੈਦਵਾਰ ਦੇ ਯੁੱਗ ਵਿੱਚ, ਮੈਂ ਇਹਨਾਂ ਸਿਰਜਕਾਂ ਨੂੰ ਕੇਂਦਰ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹਾਂ।

ਜਸਦੀਪ ਸਿੰਘ

ਲੇਖਕ ਤੇ ਸੰਪਾਦਕ

ਮੈਂ ਇੱਕ ਪਾਠਕ, ਅਨੁਵਾਦਕ ਅਤੇ ਸਾਫ਼ਟਵੇਅਰ ਇੰਜੀਨੀਅਰ ਹਾਂ। ਦ੍ਰਿਸ਼ ਕਲਾਵਾਂ ਲਈ ਮੇਰੀ ਮੁਹੱਬਤ ਦੇ ਸਦਕਾ ਹੀ ਮੈਂ ਗੁਰਦੀਪ ਤੇ ਨਵਜੀਤ ਦੇ ਨਾਲ ਮਿਲਿਆ ਅਤੇ ਮੈਨੂੰ ਕਿਰਤ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਉਹਨਾਂ ਦੇ ਸੱਦੇ ਨੂੰ ਕਬੂਲਣ ਵਿੱਚ ਬਹੁਤ ਖ਼ੁਸ਼ੀ ਹੋਈ। ਮੰਡੀਕਰਨ ਅਤੇ ਵਿਸ਼ਵੀਕਰਨ ਦੁਆਰਾ ਥੋਪੇ ਗਏ ਸਮਰੂਪਤਾ ਦੇ ਦੌਰ ਵਿੱਚ ਇਹਨਾਂ ਕਿਰਤੀਆਂ ਦੀਆਂ ਕੀਰਤਾਂ ਸੂਖਮ ਬੁੱਧਤਾ ਅਤੇ ਮੁਹਾਰਤ ਦੀ ਝਲਕ ਪੇਸ਼ ਕਰਦੀਆਂ ਹਨ।

ਗੁਰਦੀਪ ਸਿੰਘ

ਫ਼ੋਟੋਗਰਾਫ਼ਰ ਤੇ ਲੇਖਕ

ਮੈਂ ਚੰਡੀਗੜ੍ਹ ਰਹਿਣ ਵਾਲਾ ਇੱਕ ਕਲਾਕਾਰ ਹਾਂ। ਯੂਕੇ ਵਿੱਚ ਰਹਿੰਦਿਆਂ ਅਤੇ ਯੂਰਪ ਵਿੱਚ ਸਾਫਰ ਕਰਦਿਆਂ ਮੈਂ ਅਨੇਕਾਂ ਗੈਲਰੀਆਂ ਅਤੇ ਅਜਾਇਬਘਰਾਂ ਵਿੱਚ ਗਿਆ ਅਤੇ ਮੈਂ ਮਹਿਸੂਸ ਕੀਤਾ ਕਿ ਕਿਸੀ ਖੇਤਰ ਵਿੱਚ ਕਲਾ ਅਤੇ ਸਭਿਆਚਾਰ ਨੂੰ ਜਿਉਂਦਾ ਰੱਖਣ ਵਿੱਚ ਅਤੇ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਇਹਨਾਂ ਦੀ ਕਿੰਨੀ ਅਹਿਮ ਭੂਮਿਕਾ ਹੈ। ਇਸ ਲਈ ਕਿਰਤ ਇੱਕ ਅਜਿਹੀ ਕੋਸ਼ਿਸ਼ ਹੈ ਜਿਸ ਰਾਹੀਂ ਅਸੀਂ ਉਹਨ ਲੋਕਾਂ ਦੀਆਂ ਕਹਾਣੀਆਂ ਨੂੰ ਇਕੱਠਾ ਕਰ ਰਹੇ ਹਾਂ ਜੋ ਹਾਲੇ ਵੀ ਹੱਥੀਂ ਕੰਮ ਕਰਦੇ ਹਨ, ਨਾਲ ਹੀ ਅਸੀਂ ਪੰਜਾਬ ਦੇ ਸਮਕਾਲੀ ਕਲਾਕਾਰਾਂ ਅਤੇ ਸਿਰਜਣਾਤਮਕ ਅਭਿਆਸਾਂ ਦਾ ਦਸਤਾਵੇਜ਼ੀਕਰਨ ਕਰ ਰਹੇ ਹਾਂ।

ਸੱਤਦੀਪ ਗਿੱਲ

ਫ਼ੋਟੋਗਰਾਫ਼ਰ ਤੇ ਲੇਖਕ

ਮੈਂ ਇੱਕ ਫ਼ੋਟੋਗਰਾਫ਼ਰ ਅਤੇ ਅਨੁਵਾਦਕ ਹੋਣ ਦੇ ਨਾਲ-ਨਾਲ ਇੰਟਰਨੈੱਟ ਉੱਤੇ ਮੁਫ਼ਤ ਗਿਆਨ ਉਪਲਬਧ ਕਰਾਉਣ ਲਈ ਯਤਨਸ਼ੀਲ ਹਾਂ। ਮੈਂ ਜ਼ਿਆਦਾਤਰ ਕਾਰਜ ਇੰਟਰਨੈੱਟ ਉੱਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਉੱਨਤੀ ਨਾਲ ਜੁੜਿਆ ਹੋਇਆ ਹੈ। ਮੈਂ ਵਿਕੀਪੀਡੀਆ ਲਹਿਰ ਅਤੇ ਕੁਝ ਹੋਰ ਪਰੋਜੈਕਟਾਂ ਨਾਲ ਲੰਮੇ ਅਰਸੇ ਤੋਂ ਜੁੜਿਆ ਹੋਇਆ ਹਾਂ। ਮੈਂ ਸਫ਼ਰ ਕਰਨ ਦਾ ਸ਼ੌਂਕ ਹੈ ਕਿਰਤ ਦੇ ਨਾਲ ਕੰਮ ਕਰਦਿਆਂ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਆਲੇ ਦੁਆਲੇ ਦੇ ਸ਼ਹਿਰਾਂ ਦੀਆਂ ਗਲੀਆਂ ਘੁੰਮਣਾ ਵੀ ਕਿੰਨਾ ਦਿਲਚਸਪ ਹੋ ਸਕਦਾ ਹੈ। ਹੁੱਕਾ ਬਣਾਉਣ ਵਾਲੇ ਇੱਕ ਬਜ਼ੁਰਗ ਤੋਂ ਉਸਦੀ ਕਹਾਣੀ ਸੁਣਨ ਦਾ ਕਿੰਨਾ ਮਜ਼ਾ ਆਉਂਦਾ ਹੈ।