ਦਸਾਂ ਮਿੰਟਾਂ ਵਿਚ ਦਸ ਫੁਲਕੇ ਬਣਾ ਦਿੰਦੀ ਆਂ ਮੈ, ਇਕ ਮਿੰਟ ਦਾ ਇਕ ਫੁਲਕਾ। ਪਰੌਂਠੇ ਰਾਤ ਦੇ 11 ਵਜੇ ਤੱਕ ਚਲਦੇ ਰਹਿੰਦੇ ਨੇ। ‘ਜ਼ੋਮੈਟੋ’ ਕੰਪਨੀ ਨਾਲ਼ ਜੋੜਿਆ ਹੋਇਆ ਹੁਣ ਮੈਂ ਕੰਮ ਨੂੰ, ਉਹ ਰਾਤ ਨੂੰ ਪਰੌਂਠੇ ਮੰਗ ਲੈਂਦੇ ਆ 11 ਵਜੇ ਵੀ। ਕਈ ਵਾਰ ਜ਼ੀਰਕਪੁਰ ਤੋਂ ਵੀ ਆਡਰ ਆ ਜਾਂਦਾ, ਖੁੱਡੇ ਲਹੌਰੇ ਤੋਂ ਵੀ, ਅਸੀਂ ਤਾਂ ਬਣਾ ਕੇ ਦੇਣੇ ਹੁੰਦੇ ਆ, ਪਹੁੰਚਾਉਣੇ ਉਹਨਾਂ ਨੇ ਹੁੰਦੇ ਆ। ਅਸੀਂ ਸਾਰਾ ਦਿਨ ਦੁਕਾਨ ਖੁੱਲੀ ਰਖਦੇ ਹਾਂ, ਕੋਈ ਪੰਜ ਵਜੇ ਵੀ ਆ ਜਾਂਦਾ। ਅਸੀਂ ਬੰਦ ਕਰਕੇ ਵੀ ਕੀ ਕਰਨਾ, ਪਹਿਲਾਂ ਖਲਾਰਾ ਅੰਦਰ ਲਿਜਾਓ ਫਿਰ ਘੰਟੇ ਬਾਅਦ ਬਾਹਰ ਲਿਆਓ। ਅਸੀਂ ਐਦਾਂ ਈ ਬੈਠੇ ਰਹੀਦਾ।
ਪਹਿਲਾਂ ਕੰਮ ਘਟ ਗਿਆ ਸੀ। ਇਸੇ ਕਰਕੇ ਔਨਲਾਈਨ ਜੁੜੇ ਹਾਂ। ਆਰਡਰ ਆਉਂਦਾ ਉਹ ਚੱਕ ਲਈਦਾ, ਉਹਨਾਂ ਦੇ ਵਰਕਰ ਰੱਖੇ ਆ ਉਹ ਲੈ ਜਾਂਦੇ ਆ। ਸਾਡੇ ਤੋਂ ਤਾਂ ਦਿਵਾਲੀ ਵੀ ਨ੍ਹੀਂ ਮਨਾਈ ਗਈ, ਸਾਰਾ ਦਿਨ ਇਥੇ ਕੰਮ ਵਿਚ ਹੀ ਲੰਘ ਗਿਆ। ਦੀਵੇ ਵੀ ਨਹੀਂ ਜਗਾ ਹੋਏ, ਜਿਵੇਂ ਮਾਤਾ ਰਾਣੀ ਦੀ ਮਰਜ਼ੀ।
ਐਸ ਫੋਨ ਵਿਚੋਂ ਮੈਨੂੰ ਮੈਸੇਜ ਨਹੀਂ ਕੱਢਣੇ ਆਉਂਦੇ। ਪਰ ਨੈੱਟ ਚਲਾ ਲੈਂਦੀ ਆਂ। ਮੈਨੂੰ ਤਾਂ ਅੰਗਰੇਜ਼ੀ ਪੜ੍ਹਨੀ ਆਉਂਦੀ ਨ੍ਹੀਂ। ਇਥੇ ਇੱਕ ਨੇੜੇ ਮੁੰਡਾ ਰਹਿੰਦਾ ਉਹਨੇ ਪੜ੍ਹ ਕੇ ਦੱਸਿਆ ਨੈੱਟ ਤੋਂ, ਕਹਿੰਦਾ ਆਂਟੀ ਤੇਰੇ ਲਈ ਕਿਸੇ ਨੇ “ਵੈਰੀ ਗੁੱਡ” ਲਿਖਿਆ ਹੋਇਆ। ਕਿਸੇ ਕੁੜੀ ਨੇ ਲਿਖਿਆ ਸੀ,”ਜੈਸੇ ਮੇਰੇ ਮਾਂ ਬਨਾਤੀ ਥੀ, ਵੈਸੇ ਪਰਾਂਠੇ ਮਿਲੇ “।
ਹੋਰ ਵੀ ਕੰਮ ਜਾਣਦੀ ਆਂ ਮੈਂ, ਸਵੈਟਰ ਬੁਣ ਲੈਨੀ ਆਂ, ਕੱਪੜੇ ਸਿਲ ਲੈਨੀ ਆਂ। ਪਰ ਟਾਈਮ ਈ ਨ੍ਹੀਂ ਹੈਗਾ। ਬਜ਼ਾਰੀ ਕੱਪੜੇ ਸਾਨੂੰ ਆਉਂਦੇ ਨਹੀਂ। ਪਹਿਲਾਂ ਮੁਹਾਲੀਓਂ ਬਣਵਾ ਲਈਦੇ ਸੀ ਹੁਣ ਇੱਥੇ ਬਣਵਾ ਲਈ ਦੇ ਆ। ਆਸ ਪਾਸ ਅਸੀਂ ਬਹੁਤਾ ਕਿਸੇ ਨਾਲ਼ ਬੋਲਦੇ ਨਹੀਂ ਹਾਂ। ਇੱਕ ਦੋ ਬੰਦੇ ਹੀ ਜਾਣ ਪਛਾਣ ਵਾਲ਼ੇ ਆ। ਕੋਈ ਸਹੇਲੀ ਹੈ ਨਹੀਂ। ਉੱਧਰ ਮੁਹਾਲੀ ਵੀ ਨਾ ਘਰੋਂ ਨਿਕਲਣਾ, ਨਾ ਕਿਸੇ ਕੋਲ ਬਹਿਣਾ। ਸ਼ੁਰੂ ਤੋਂ ਹੀ ਆਦਤ ਨਹੀਂ। ਸਵੇਰੇ 6 ਵਜੇ ਤੋਂ 11 ਵਜੇ ਤੱਕ ਕੰਮ ‘ਤੇ ਹੀ ਰਹੀਦਾ। ਪੇਕੇ ਘਰ ਅਸੀਂ 7 ਵਜੇ ਸੌਂ ਜਾਂਦੇ ਸਾਂ, ਇਥੇ 11 ਵੱਜ ਜਾਂਦੇ ਆ।
ਸਰਕਾਰ ਵੱਲੋਂ ਤਾਂ ਕੋਈ ਮਦਦ ਨਹੀਂ। ਸਰਕਾਰ ਤਾਂ ਸਾਡੀਆਂ ਬੋਦੀਆਂ ਲਾਹੁੰਦੀ ਆ। ਆਹ ਸਲੰਡਰ ਮਹਿੰਗੇ ਹੋ ਗਏ। ਕਿਸੇ ਕੋਲ ਹਜ਼ਾਰ ਰੁਪਈਆ ਨਾਂ ਹੋਵੇ ਕਿੱਥੋ ਕੋਈ ਸਲੰਡਰ ਲੈ ਲਵੇ। ਮੇਰੀ ਗੱਲ ਛੱਡੋ, ਕਿਸੇ ਗਰੀਬ ਬੰਦੇ ਕੋਲ ਕਿੱਥੇ ਹੁੰਦਾ ਹਜ਼ਾਰ ਰੁਪਈਆ। ਕਈ ਮੈਨੂੰ ਕਹਿੰਦੇ ਤੁਸੀਂ ਡੂੰਘਾ ਸੋਚਦੇ ਜੇ, ਮੈਂ ਕਿਹਾ ਡੂੰਘਾ ਤਾਂ ਆਪੇ ਸੋਚਣਾ ਅੱਜ ਗਿਆਰਾਂ ਸੌ ਦਾ ਸਲੰਡਰ ਭਰਿਆ ਮੇਰਾ। ਅਗਲੀ ਕੋਲੇ ਨਾ ਹੋਵੇ ਰੁਪਈਆ ਕੀ ਕਰੂ ਅਗਲੀ ਫੇਰ, ਸਬਸਿਡੀ ਨੂੰ ਤਾਂ ਬਾਅਦ ਵਿਚ ਰੋਣਾ ਆਪਾਂ, ਦੇਖਿਆ ਜਾਏ ਤਾਂ ਸਬਸਿਡੀ ਤਾਂ ਬਾਅਦ ਵਿਚ ਹੀ ਆਊਗੀ। ਹੁਣ ਇਹੋ ਜਿਹੇ ਸ਼ਹਿਰ ਵਿਚ ਲੱਕੜ ਵੀ ਨਹੀਂ ਬਾਲ਼ ਸਕਦੇ, ਗੋਹਾ ਨਹੀਂ ਬਾਲ਼ ਸਕਦੇ। ਗਰੀਬ ਵਾਸਤੇ ਤਾਂ ਬਹੁਤ ਔਖਾ ਐ। ਗਰੀਬ ਬੰਦਾ ਰੋਟੀ ਖਾਣ ਜੋਗਾ ਨਹੀਂ ਹੈਗਾ। ਆ ਸਾਰੇ ਪਾਸੇ ਜੀ ਐੱਸ ਟੀ ਲਾ ਤੀ, ਨਿੱਕੀਆਂ ਨਿੱਕੀਆਂ ਚੀਜਾਂ ਨੂੰ ਜੀ ਐੱਸ ਟੀ, ਆਟੇ-ਦਾਲ ‘ਤੇ ਵੀ।