ਇਹ ਕੰਮ ‘ਚ ਪਏ ਨੂੰ ਮੈਨੂੰ 25 ਸਾਲ ਤੋਂ ਜ਼ਿਆਦਾ ਹੋ ਗਏ। ਜਦੋਂ ਮੈਂ ਇਹ ਕੰਮ ਤੋਰਿਆ, ਮੈਂ ਤੋਗੇਵਾਲ ਤੋਂ ਦੋ ਬੱਕਰੀਆਂ ਲਿਆਂਦੀਆਂ। ਇਕ ਗਿਆਰਾਂ ਸੌ ਦੀ ਇਕ ਨੌਂ ਸੌ ਦੀ। ਜਦੋਂ ਕੰਮ ਵੱਧ ਗਿਆ ਫਿਰ ਮੈਂ ਭੇਡਾਂ ਵੀ ਲੈ ਲਈਆਂ। ਹੌਲੀ-ਹੌਲੀ ਪਸ਼ੂ ਸਤਾਰਾਂ ਤੋਂ ਪੰਜਤਾਲੀ ਹੋ ਗਏ। ਪੰਤਾਲੀ ਪਸ਼ੂਆਂ ਚੋਂ ਕਾਰੋਬਾਰ ਮੇਰਾ ਵੱਧਦਾ ਤੁਰਿਆ ਗਿਆ। ਜਦੋਂ ਕਾਰੋਬਾਰ ਵੱਧ ਗਿਆ ਮੈਂ ਭੇਡਾਂ ਵੇਚ ਕੇ ਥੌਂ ਲੈ ਲਿਆ। ਫਿਰ ਮੇਰਾ ਘਰੇ ਜੀਅ ਨੀ ਲੱਗਿਆ। ਘਰੇ ਹਲਹਲ ਹੁੰਦੀ ਰਹੀ। ਮੈਨੂੰ ਵੀ ਲੱਗਿਆ ਵਈ ਘਰੇ ਵੇਹਲੇ ਬਹਾਂਗੇ, ਕਿਸੇ ਦੀਆਂ ਚੁਗਲੀਆਂ ਕਰਾਂਗੇ, ਕਿਸੇ ਨੂੰ ਮਾੜਾ ਚੰਗਾ ਕਿਹਾ ਜਾਂਦਾ। ਮੇਰਾ ਮਹੀਨਾ ਜੀਅ ਨਹੀਂ ਲੱਗਿਆ। ਓਸ ਮਹੀਨੇ ਮੈਂ ਸੱਤ ਹਜਾਰ ਦੀ ਦਾਰੂ ਪੀ ਗਿਆ। ਦੁੱਖੀ ਹੋਕੇ ਮੈਂ ਫਿਰ ਚੁਤਾਲੀ ਹਜਾਰ ਦੀਆਂ ਬੱਕਰੀਆਂ ਲਈਆਂ। ਸੱਤ ਬੱਕਰੀਆਂ ਛੇ ਮੇਮਣੇ। ਹੁਣ ਕੇਰਾਂ ਜੀਅ ਲੱਗਣ ਲੱਗਿਆ। ਬੱਕਰੀਆਂ ਨਾਲ ਜਿਹੜਾ ਤੋਰਾ ਫੇਰਾ ਹੁੰਦਾ ਮੈਨੂੰ ਬੜਾ ਵਧੀਆ ਲੱਗਦਾ। ਪੈਂਠ ਸਾਲ ਦੀ ਉਮਰ ਹੋਗੀ। ਅਜੇ ਤਾਈਂ ਨਾ ਕੋਈ ਗੋਡਾ ਨਾ ਬਾਂਹ ਦੁੱਖਦੀ ਐ। ਮੈਂ ਜੀਭ ਬੰਨਕੇ ਰਿਹਾਂ। ਕਦੇ ਭੁੱਕੀ ਨ੍ਹੀਂ ਖਾਧੀ, ਕੋਈ ਗੋਲੀ ਨੀ ਖਾਧੀ, ਦਾਰੂ ਜ਼ਰੂਰ ਪੀ ਲਈ ਦੀ ਐ ਕਦੇ ਕਦੇ।
ਕੰਮ ਨਾਲ ਈ ਸਲਾਮਾਂ ਨੇ। ਘਰੇ ਕੰਧਾਂ ਭੜਦਾ ਮਾਰਦੀ ਆ। ਮਾਂ ਮੇਰੀ ਪਿੰਡ ਦੀ ਦਾਈ ਸੀ। ਪਹਿਲਾਂ ਬੁੜੀਆਂ ਨਾਲ ਨਾਲ ਚੱਕੀ ਗੇੜੀ ਜਾਂਦੀਆਂ ਨਾਲ-ਨਾਲ ਜਵਾਕਾਂ ਨੂੰ ਚੁੰਘਾਈ ਜਾਂਦੀਆਂ। ਬਾਪੂ ਵੀ ਭੇਡਾਂ ਚਾਰਦਾ ਸੀ। ਹੁਣ ਤਾਂ ਉਹ ਰਿਹਾ ਨੀ। ਪਹਿਲਾਂ ਉਹ ਸੋਹਨ ਸਿੰਘ ਨੰਬੜਦਾਰ ਦੇ ਪਸ਼ੂ ਚਾਰਦਾ ਸੀ। ਤਿੰਨ-ਚਾਰ ਸਾਲ ਬਾਅਦ ਉਹਨੇ ਆਪਣੀਆਂ ਭੇਡਾਂ ਲੈ ਲਈਆਂ। ਪਹਿਲਾਂ ਬਾਪੂ ਵੀ ਰਲਦਾ ਰਿਹਾ। ਸੀਰ ਕਰੇ ਨੇ ਉਹਨੇ ਵੀ ਤਕੜੇ ਤਕੜੇ। ਜਦੋਂ ਉਹਨੂੰ ਪਤਾ ਲੱਗ ਗਿਆ ਬਈ ਕੰਮ ਹੁੰਦਾ ਨੀ, ਫਿਰ ਉਹਨੇ ਭੇਡਾਂ ਦਾ ਕੰਮ ਚਲਾ ਲਿਆ। ਜਦੋਂ ਮੇਰਾ ਬਾਪੂ ਮਰਿਆ, ਉਹਦੇ ਕੋਲੇ 70 ਭੇਡਾਂ ਸੀ।
ਫਿਰ ਸਾਨੂੰ ਸਾਰਿਆਂ ਨੂੰ ਲਾਗੜ ਪੈ ਗਿਆ। ਇਹ ਕੰਮ ‘ਚ ਕੋਈ ਮਾਰ ਨੀ ਹੈਗੀ। ਕੱਲ੍ਹੀ ਦਵਾਈ ਦੀ ਆ। ਉਹ ਲੈ ਆਈਦੀ ਆ। ਜਾਂ ਕੋਈ ਜਿੰਮੀਦਾਰ ਆ, ਜੇ ਉਹਦੇ ਖੇਤ ‘ਚ ਭੇਡਾਂ ਵੜ ਜਾਣ ਤੇ ਉਹ ਗਾਲਾਂ ਦੇ ਦਵੇ ਤਾਂ ਉਹਨੂੰ ਕਹਿ ਦਈਦਾ ਬਈ ਕੋਈ ਨਾ ਭਾਈ ਤੇਰੀ ਮਰਜੀ ਆ। ਕੋਈ ਨਾ ਸਰਦਾਰਾ ਜੇ ਪਸ਼ੂ ਵੜ ਗਿਆ ਫਿਰ ਕੀ ਹੁੰਦਾ। ਗਾਲਾਂ ਤਾਂ ਚਲਦੀਆਂ ਈ ਰਹਿੰਦੀਆਂ। ਅਸੀਂ ਜੇ ਬਰਾਬਰੀ ਕਰਾਂਗੇ, ਗੱਲ ਵੱਧੂਗੀ ਤੇ ਪੁਲਿਸ ਆਲਾ ਕੋਈ ਬਿਰਦਾ ਨੀ ਇੰਨੇ ਪਸ਼ੂਆਂ ਨਾਲ। ਜੇ ਸੜਕ ਤੇ ਵੀ ਕੋਈ ਗੱਡੀ ਬੱਕਰੀ ਵਿੱਚ ਵੱਜੇ ਤਾਂ ਉਹਦੇ ਨਾਲ ਵੀ ਬਰਾਬਰੀ ਨਹੀਂ ਕਰਦੇ। ਨੀਵੇਂ ਹੋਕੇ ਤੁਰਨ ਚ ਈ ਫ਼ਾਇਦਾ। ਸਾਡੀ ਗਰੀਬਾਂ ਦੀ ਕੀਹਨੇ ਸੁਣਨੀ ਐ।