https://www.kirrt.org/pa/story-pa/%e0%a8%ac%e0%a8%b2%e0%a8%a6%e0%a9%87%e0%a8%b5-%e0%a8%b8%e0%a8%bf%e0%a9%b0%e0%a8%98-%e0%a8%86%e0%a8%9c%e0%a9%9c%e0%a9%80-%e0%a8%a4%e0%a9%8b%e0%a8%b2%e0%a8%be%e0%a8%b5%e0%a8%b2 ਬਲਦੇਵ ਸਿੰਘ | ਆਜੜੀ | ਤੋਲਾਵਲ 2020-02-04 14:13:00 ਇਹ ਕੰਮ 'ਚ ਪਏ ਨੂੰ ਮੈਨੂੰ 25 ਸਾਲ ਤੋਂ ਜ਼ਿਆਦਾ ਹੋ ਗਏ। ਜਦੋਂ ਮੈਂ ਇਹ ਕੰਮ ਤੋਰਿਆ, ਮੈਂ ਤੋਗੇਵਾਲ ਤੋਂ ਦੋ ਬੱਕਰੀਆਂ ਲਿਆਂਦੀਆਂ। ਇਕ ਗਿਆਰਾਂ ਸੌ ਦੀ ਇਕ ਨੌਂ ਸੌ ਦੀ। ਜਦੋਂ ਕੰਮ ਵੱਧ ਗਿਆ ਫਿਰ ਮੈਂ ਭੇਡਾਂ ਵੀ ਲੈ ਲਈਆਂ। ਹੌਲੀ-ਹੌਲੀ ਪਸ਼ੂ ਸਤਾਰਾਂ ਤੋਂ ਪੰਜਤਾਲੀ ਹੋ ਗਏ। ਪੰਤਾਲੀ ਪਸ਼ੂਆਂ ਚੋਂ ਕਾਰੋਬਾਰ ਮੇਰਾ ਵੱਧਦਾ ਤੁਰਿਆ ਗਿਆ। ਜਦੋਂ ਕਾਰੋਬਾਰ ਵੱਧ ਗਿਆ ਮੈਂ ਭੇਡਾਂ ਵੇਚ ਕੇ ਥੌਂ ਲੈ ਲਿਆ। Jasdeep Singh Blog post ਸਟੋਰੀ

 

 

ਕਿਰਤ ਵਾਰਤਾ

ਬਲਦੇਵ ਸਿੰਘ

ਆਜੜੀ
ਤੋਲਾਵਲ

ਵਾਰਤਾ ਸਾਂਝੀ ਕਰੋ
Share on facebook
Share on twitter
Share on whatsapp
Share on tumblr
Share on print
Share on email

ਇਹ ਕੰਮ ‘ਚ ਪਏ ਨੂੰ ਮੈਨੂੰ 25 ਸਾਲ ਤੋਂ ਜ਼ਿਆਦਾ ਹੋ ਗਏ। ਜਦੋਂ ਮੈਂ ਇਹ ਕੰਮ ਤੋਰਿਆ, ਮੈਂ ਤੋਗੇਵਾਲ ਤੋਂ ਦੋ ਬੱਕਰੀਆਂ ਲਿਆਂਦੀਆਂ। ਇਕ ਗਿਆਰਾਂ ਸੌ ਦੀ ਇਕ ਨੌਂ ਸੌ ਦੀ। ਜਦੋਂ ਕੰਮ ਵੱਧ ਗਿਆ ਫਿਰ ਮੈਂ ਭੇਡਾਂ ਵੀ ਲੈ ਲਈਆਂ। ਹੌਲੀ-ਹੌਲੀ ਪਸ਼ੂ ਸਤਾਰਾਂ ਤੋਂ ਪੰਜਤਾਲੀ ਹੋ ਗਏ। ਪੰਤਾਲੀ ਪਸ਼ੂਆਂ ਚੋਂ ਕਾਰੋਬਾਰ ਮੇਰਾ ਵੱਧਦਾ ਤੁਰਿਆ ਗਿਆ। ਜਦੋਂ ਕਾਰੋਬਾਰ ਵੱਧ ਗਿਆ ਮੈਂ ਭੇਡਾਂ ਵੇਚ ਕੇ ਥੌਂ ਲੈ ਲਿਆ। ਫਿਰ ਮੇਰਾ ਘਰੇ ਜੀਅ ਨੀ ਲੱਗਿਆ। ਘਰੇ ਹਲਹਲ ਹੁੰਦੀ ਰਹੀ। ਮੈਨੂੰ ਵੀ ਲੱਗਿਆ ਵਈ ਘਰੇ ਵੇਹਲੇ ਬਹਾਂਗੇ, ਕਿਸੇ ਦੀਆਂ ਚੁਗਲੀਆਂ ਕਰਾਂਗੇ, ਕਿਸੇ ਨੂੰ ਮਾੜਾ ਚੰਗਾ ਕਿਹਾ ਜਾਂਦਾ। ਮੇਰਾ ਮਹੀਨਾ ਜੀਅ ਨਹੀਂ ਲੱਗਿਆ। ਓਸ ਮਹੀਨੇ ਮੈਂ ਸੱਤ ਹਜਾਰ ਦੀ ਦਾਰੂ ਪੀ ਗਿਆ। ਦੁੱਖੀ ਹੋਕੇ ਮੈਂ ਫਿਰ ਚੁਤਾਲੀ ਹਜਾਰ ਦੀਆਂ ਬੱਕਰੀਆਂ ਲਈਆਂ। ਸੱਤ ਬੱਕਰੀਆਂ ਛੇ ਮੇਮਣੇ। ਹੁਣ ਕੇਰਾਂ ਜੀਅ ਲੱਗਣ ਲੱਗਿਆ। ਬੱਕਰੀਆਂ ਨਾਲ ਜਿਹੜਾ ਤੋਰਾ ਫੇਰਾ ਹੁੰਦਾ ਮੈਨੂੰ ਬੜਾ ਵਧੀਆ ਲੱਗਦਾ। ਪੈਂਠ ਸਾਲ ਦੀ ਉਮਰ ਹੋਗੀ। ਅਜੇ ਤਾਈਂ ਨਾ ਕੋਈ ਗੋਡਾ ਨਾ ਬਾਂਹ ਦੁੱਖਦੀ ਐ। ਮੈਂ ਜੀਭ ਬੰਨਕੇ ਰਿਹਾਂ। ਕਦੇ ਭੁੱਕੀ ਨ੍ਹੀਂ ਖਾਧੀ, ਕੋਈ ਗੋਲੀ ਨੀ ਖਾਧੀ, ਦਾਰੂ ਜ਼ਰੂਰ ਪੀ ਲਈ ਦੀ ਐ ਕਦੇ ਕਦੇ।

ਕੰਮ ਨਾਲ ਈ ਸਲਾਮਾਂ ਨੇ। ਘਰੇ ਕੰਧਾਂ ਭੜਦਾ ਮਾਰਦੀ ਆ। ਮਾਂ ਮੇਰੀ ਪਿੰਡ ਦੀ ਦਾਈ ਸੀ। ਪਹਿਲਾਂ ਬੁੜੀਆਂ ਨਾਲ ਨਾਲ ਚੱਕੀ ਗੇੜੀ ਜਾਂਦੀਆਂ ਨਾਲ-ਨਾਲ ਜਵਾਕਾਂ ਨੂੰ ਚੁੰਘਾਈ ਜਾਂਦੀਆਂ। ਬਾਪੂ ਵੀ ਭੇਡਾਂ ਚਾਰਦਾ ਸੀ। ਹੁਣ ਤਾਂ ਉਹ ਰਿਹਾ ਨੀ। ਪਹਿਲਾਂ ਉਹ ਸੋਹਨ ਸਿੰਘ ਨੰਬੜਦਾਰ ਦੇ ਪਸ਼ੂ ਚਾਰਦਾ ਸੀ। ਤਿੰਨ-ਚਾਰ ਸਾਲ ਬਾਅਦ ਉਹਨੇ ਆਪਣੀਆਂ ਭੇਡਾਂ ਲੈ ਲਈਆਂ। ਪਹਿਲਾਂ ਬਾਪੂ ਵੀ ਰਲਦਾ ਰਿਹਾ। ਸੀਰ ਕਰੇ ਨੇ ਉਹਨੇ ਵੀ ਤਕੜੇ ਤਕੜੇ। ਜਦੋਂ ਉਹਨੂੰ ਪਤਾ ਲੱਗ ਗਿਆ ਬਈ ਕੰਮ ਹੁੰਦਾ ਨੀ, ਫਿਰ ਉਹਨੇ ਭੇਡਾਂ ਦਾ ਕੰਮ ਚਲਾ ਲਿਆ। ਜਦੋਂ ਮੇਰਾ ਬਾਪੂ ਮਰਿਆ, ਉਹਦੇ ਕੋਲੇ 70 ਭੇਡਾਂ ਸੀ।

ਫਿਰ ਸਾਨੂੰ ਸਾਰਿਆਂ ਨੂੰ ਲਾਗੜ ਪੈ ਗਿਆ। ਇਹ ਕੰਮ ‘ਚ ਕੋਈ ਮਾਰ ਨੀ ਹੈਗੀ। ਕੱਲ੍ਹੀ ਦਵਾਈ ਦੀ ਆ। ਉਹ ਲੈ ਆਈਦੀ ਆ। ਜਾਂ ਕੋਈ ਜਿੰਮੀਦਾਰ ਆ, ਜੇ ਉਹਦੇ ਖੇਤ ‘ਚ ਭੇਡਾਂ ਵੜ ਜਾਣ ਤੇ ਉਹ ਗਾਲਾਂ ਦੇ ਦਵੇ ਤਾਂ ਉਹਨੂੰ ਕਹਿ ਦਈਦਾ ਬਈ ਕੋਈ ਨਾ ਭਾਈ ਤੇਰੀ ਮਰਜੀ ਆ। ਕੋਈ ਨਾ ਸਰਦਾਰਾ ਜੇ ਪਸ਼ੂ ਵੜ ਗਿਆ ਫਿਰ ਕੀ ਹੁੰਦਾ। ਗਾਲਾਂ ਤਾਂ ਚਲਦੀਆਂ ਈ ਰਹਿੰਦੀਆਂ। ਅਸੀਂ ਜੇ ਬਰਾਬਰੀ ਕਰਾਂਗੇ, ਗੱਲ ਵੱਧੂਗੀ ਤੇ ਪੁਲਿਸ ਆਲਾ ਕੋਈ ਬਿਰਦਾ ਨੀ ਇੰਨੇ ਪਸ਼ੂਆਂ ਨਾਲ। ਜੇ ਸੜਕ ਤੇ ਵੀ ਕੋਈ ਗੱਡੀ ਬੱਕਰੀ ਵਿੱਚ ਵੱਜੇ ਤਾਂ ਉਹਦੇ ਨਾਲ ਵੀ ਬਰਾਬਰੀ ਨਹੀਂ ਕਰਦੇ। ਨੀਵੇਂ ਹੋਕੇ ਤੁਰਨ ਚ ਈ ਫ਼ਾਇਦਾ। ਸਾਡੀ ਗਰੀਬਾਂ ਦੀ ਕੀਹਨੇ ਸੁਣਨੀ ਐ।

ਮੈਂ 17 ਸਾਲ ਦਾ ਪਹਿਲੀ ਵਾਰੀਂ ਕਿਸੇ ਜਿੰਮੀਦਾਰ ਨਾਲ ਰਲਿਆ ਸੀ। 18-19 ਸਾਲ ਸੀਰ ਦਾ ਕੰਮ ਕੀਤਾ। 18 ਸਾਲਾਂ ‘ਚ ਧੱਕੇ ਖ਼ਾਕੇ ਮੈਂ ਜਿੰਮੀਦਾਰਾਂ ਨਾਲੋਂ ਨਿੱਖੜਿਆ। ਉਸ ਟਾਈਮ ‘ਚ ਮਸਾਂ ਹਜ਼ਾਰ ਕੁ ਰੁਪਏ ਸੀਰ ‘ਚ ਫੜ੍ਹਦੇ ਸੀ। ਇੱਕ ਵਾਰੀਂ ਮੈਂ 600 ਵੱਧ ਫੜ੍ਹ ਬੈਠਾ। ਉਹ ਮੋੜਨੇ ਔਖੇ ਹੋ ਗਏ। ਫਿਰ ਮੈਂ ਦਿਹਾੜੀ ਕਰਨ ਲੱਗ ਪਿਆ। ਪਹਿਲਾਂ ਢਾਈ ਰੁਪਏ ਦਿਹਾੜੀ ਕੀਤੀ ਫਿਰ ਦੱਸ ਰੁਪਏ। ਕਈ ਵਾਰ ਦਿਹਾੜੀ ਵੱਟੇ ਲਾਂਗਾ ਵੀ ਦੇ ਦਿੰਦੇ। ਜਦੋਂ ਦਿਹਾੜੀ ‘ਤੇ ਜਾਈਦਾ ਸੀ ਤਾਂ ਮਾਲਕ ਆਥਣੇ ਛਾਂਟਵੇਂ ਮੁੰਡਿਆਂ ਨੂੰ ਵਧੀਆ ਭਰੀ ਦਿੰਦਾ ਲਾਂਗੇ ਦੀ ਤੇ ਥੋੜ੍ਹੀ ਥੋੜ੍ਹੀ ਦਾਰੂ ਵੀ ਪਿਉਂਦਾ, ਬਈ ਕੱਲ੍ਹ ਨੂੰ ਫਿਰ ਆ ਜਾਣ।

ਦਿਹਾੜੀ ਮੈਥੋਂ ਹੁੰਦੀ ਨੀ, ਨਾ ਕੋਈ ਲਿਜਾਵੇ ਹੁਣ। ਮੈਨੂੰ ਵਿਹਲੇ ਨੂੰ ਸੁੱਖ ਪੈ ਗਿਆ ਸੀ। ਦੂਜੇ ਭਾਈ ਵੀ ਭੇਡਾਂ ਬੱਕਰੀਆਂ ਚਾਰਦੇ ਆ। ਵਿੱਚ ਭੱਠੇ ਦਾ ਕੰਮ ਵੀ ਕਰਦੇ ਆ। ਸਾਡੇ ਚੋਂ ਹੁਣ ਕੋਈ ਸੀਰੀ ਨ੍ਹੀਂ ਰਲਦਾ । ਸਾਰੇ ਕਹਿ ਦਿੰਦੇ ਆ ਬਈ ਕਿਉਂ ਕਿਸੇ ਦੀ ਮਸੰਦਗੀ ਝੱਲੀਏ। ਆਵਦਾ ਕੰਮ ਵਧੀਆ ਲੱਗਦਾ ਸਾਨੂੰ।ਇਹ ਕੰਮ ਦਾ ਖਰਚਾ ਘੱਟ ਆ। 170 ਰੁਪਈਏ ਦੀ ਦਵਾਈ 30 ਬੱਕਰੀਆਂ ਨੂੰ ਦੇ ਦਈਦੀ ਆ। ਸਵੇਰੇ 4 ਵਜੇ ਉੱਠ ਖੜ੍ਹੀਦਾ। ਮੇਮਣਿਆਂ ਨੂੰ ਚੁੰਘਾ ਕੇ ਤੇ ਆਪ ਰੋਟੀ ਖਾ ਕੇ ਘਰੋਂ ਨਿੱਕਲ ਪਈਦਾ। ਫਿਰ ਸ਼ਾਮੀਂ 7-8 ਵਜੇ ਘਰੇ ਵੜੀਦਾ। ਇਹ ਕੰਮ ‘ਚ ਆਮਦਨੀ ਜਾਂ ਮੇਮਣਿਆਂ ਦੀ ਆ ਜਾਂ ਦੁੱਧ ਦੀ। 4 ਮੇਮਣੇ ਮੈਂ ਰੱਖ ਲਏ ਜਾ ਕੇ ਅੱਸੂ ਵਿੱਚ ਨਵੇਂ ਦੁੱਧ ਹੋਣਗੇ। ਫਿਰ ਉੱਥੋਂ ਵਧਾਰਾ ਹੋਜੂ। ਦੁੱਧ ਵੀ ਵਿਕਦਾ। ਪਰ ਮੈਂ ਪੈਸਿਆਂ ਦੀ ਥਾਂ ਉਹਦੇ ਵੱਟੇ ਪੱਠੇ ਜਾਂ ਦਾਣੇ ਲੈ ਲੈਨਾ।

ਮੇਰੇ ਦੋ ਮੁੰਡੇ ਤੇ ਇਕ ਕੁੜੀ ਆ। ਇਕ ਮੁੰਡਾ ਤੇ ਇਕ ਕੁੜੀ ਵਿਆਹ ਤੇ। ਉਹਨਾਂ ਨੇ ਥੋੜ੍ਹਾ ਈ ਕੰਮ ਕੀਤਾ ਚਾਰਨ ਦਾ। ਛੋਟੇ ਨੂੰ ਕਦੇ ਏਸ ਕੰਮ ਲਾਇਆ ਨੀ। ਉਹਨੂੰ ਖੇਡਣ ਦਾ ਸ਼ੌਂਕ ਰਿਹਾ। ਜਵਾਕ ਪੜ੍ਹੇ ਘੱਟ ਈ ਆ। ਮੈਂ ਵੀ ਕਦੇ ਘੂਰਿਆ ਨੀ। ਜਿਵੇਂ ਉਹਨਾਂ ਦੀ ਮਰਜ਼ੀ ਸੀ ਕਰਦੇ ਰਹੇ। ਮੈਂ ਜਵਾਕਾਂ ਨੂੰ ਬਹੁਤਾ ਕਹਿਕੇ ਰਾਜ਼ੀ ਨੀ।ਛੋਟਾ ਮੁੰਡਾ ਕਬੱਡੀ ਖੇਡਦਾ। ਆਏ ਸਾਲ ਉਹਨੂੰ ਸਾਲ ਚ ਦੋ ਬੱਕਰੀਆਂ ਖਵਾਉਨਾ ਮੈਂ। ਪਰ ਹਜੇ ਤਾਈਂ ਉਹਦਾ ਕੁਝ ਬਣਿਆ ਨੀ। ਪੈਂਹਠ ਕਿਲੋ ਦਾ ਬਹੁਤ ਵਧੀਆ ਖਿਡਾਰੀ ਐ। ਇਨਾਮ ਤਾਂ ਬਹੁਤ ਜਿੱਤਦਾ ਪਰ ਐੱਸ.ਸੀ. ਹੋਣ ਕਰਕੇ ਅਗਾਂਹ ਨਹੀਂ ਵਧਿਆ। ਕੋਈ ਰਾਜੀ ਈ ਨੀ ਟੀਮ ‘ਚ ਲੈਕੇ। ਪੈਸਾ ਬੋਲਦਾ ਸਭ ਕਿਤੇ।

Stay in Touch

Find us on